5
ਵਿਭਚਾਰ ਦੇ ਵਿਰੁੱਧ ਚੇਤਾਵਨੀ 
 1 ਹੇ ਮੇਰੇ ਪੁੱਤਰ, ਮੇਰੀ ਬੁੱਧ ਵੱਲ ਧਿਆਨ ਦੇ 
ਅਤੇ ਮੇਰੀ ਸਮਝ ਵੱਲ ਕੰਨ ਲਾ, 
 2 ਤਾਂ ਜੋ ਤੇਰੀ ਮੱਤ ਬਣੀ ਰਹੇ 
ਅਤੇ ਤੇਰੇ ਬੁੱਲ੍ਹ ਗਿਆਨ ਨੂੰ ਫੜ੍ਹੀ ਰੱਖਣ, 
 3 ਕਿਉਂ ਜੋ ਪਰਾਈ ਔਰਤ ਦੇ ਬੁੱਲ੍ਹਾਂ ਤੋਂ ਸ਼ਹਿਦ ਟਪਕਦਾ ਹੈ 
ਅਤੇ ਉਹ ਦੀਆਂ ਗੱਲਾਂ ਤੇਲ ਨਾਲੋਂ ਵੀ ਚਿਕਨੀਆਂ ਹਨ, 
 4 ਪਰ ਅੰਤ ਵਿੱਚ ਉਹ ਨਾਗਦੌਣੇ ਵਰਗੀ ਕੌੜੀ 
ਅਤੇ ਦੋਧਾਰੀ ਤਲਵਾਰ ਜਿਹੀ ਤਿੱਖੀ ਹੁੰਦੀ ਹੈ! 
 5 ਉਹ ਦੇ ਪੈਰ ਮੌਤ ਦੇ ਰਾਹ ਵੱਲ ਲਹਿ ਪੈਂਦੇ ਹਨ 
ਅਤੇ ਉਹ ਦੇ ਕਦਮ ਪਤਾਲ ਨੂੰ ਜਾਂਦੇ ਹਨ। 
 6 ਜੀਵਨ ਦਾ ਪੱਧਰਾ ਰਾਹ ਉਹ ਨੂੰ ਨਹੀਂ ਲੱਭਦਾ, 
ਉਹ ਦੀਆਂ ਚਾਲਾਂ ਭਟਕਾਉਣ ਵਾਲੀਆਂ ਹਨ ਅਤੇ ਇਸ ਬਾਰੇ ਉਹ ਆਪ ਵੀ ਨਹੀਂ ਜਾਣਦੀ। 
 7 ਇਸ ਲਈ ਹੇ ਮੇਰੇ ਪੁੱਤਰ ਤੂੰ ਮੇਰੀ ਸੁਣ 
ਅਤੇ ਮੇਰੇ ਮੂੰਹ ਦੇ ਬਚਨਾਂ ਤੋਂ ਨਾ ਮੁੜ। 
 8 ਉਸ ਔਰਤ ਤੋਂ ਆਪਣਾ ਰਾਹ ਦੂਰ ਹੀ ਰੱਖ 
ਅਤੇ ਉਹ ਦੇ ਘਰ ਦੇ ਬੂਹੇ ਦੇ ਨੇੜੇ ਵੀ ਨਾ ਜਾ, 
 9 ਕਿਤੇ ਤੂੰ ਆਪਣਾ ਆਦਰ ਹੋਰਨਾਂ ਨੂੰ 
ਅਤੇ ਆਪਣੀ ਉਮਰ ਨਿਰਦਈਆਂ ਨੂੰ ਦੇਵੇਂ, 
 10 ਕਿਤੇ ਪਰਾਏ ਤੇਰੀ ਕਮਾਈ ਨਾਲ ਰੱਜ ਜਾਣ 
ਅਤੇ ਤੇਰੀ ਮਿਹਨਤ ਓਪਰੇ ਦੇ ਘਰ ਜਾਵੇ 
 11 ਅਤੇ ਤੇਰੇ ਜੀਵਨ ਦੇ ਅੰਤ ਵਿੱਚ ਜਦ ਮੇਰਾ ਮਾਸ 
ਅਤੇ ਤੇਰੀ ਦੇਹ ਕਮਜ਼ੋਰ ਪੈ ਜਾਵੇ, ਤਾਂ ਤੂੰ ਰੋਵੇਂ 
 12 ਅਤੇ ਆਖੇਂ, ਮੈਂ ਉਪਦੇਸ਼ ਨਾਲ ਕਿਵੇਂ ਵੈਰ ਰੱਖਿਆ 
ਅਤੇ ਮੇਰੇ ਮਨ ਨੇ ਤਾੜ ਨੂੰ ਤੁੱਛ ਜਾਣਿਆ! 
 13 ਮੈਂ ਆਪਣੇ ਉਪਦੇਸ਼ਕਾਂ ਦੀ ਗੱਲ ਨਾ ਮੰਨੀ, 
ਨਾ ਆਪਣੇ ਉਸਤਾਦਾਂ ਵੱਲ ਕੰਨ ਲਾਇਆ! 
 14 ਮੰਡਲੀ ਅਤੇ ਸਭਾ ਦੇ ਵਿੱਚ ਰਹਿੰਦੇ ਹੋਏ ਵੀ 
ਮੈਂ ਪੂਰੀ ਬਰਬਾਦੀ ਦੇ ਨੇੜੇ-ਤੇੜੇ ਸੀ। 
 15 ਤੂੰ ਪਾਣੀ ਆਪਣੇ ਹੀ ਕੁੰਡ ਵਿੱਚੋਂ ਪੀ 
ਅਤੇ ਆਪਣੇ ਹੀ ਖੂਹ ਦੇ ਸੋਤੇ ਦਾ ਜਲ ਪੀਆ ਕਰ। 
 16 ਤੇਰੇ ਸੋਤੇ ਕਿਉਂ ਬਾਹਰ ਵਗਾਏ ਜਾਣ 
ਅਤੇ ਜਲ ਦੀਆਂ ਧਾਰਾਂ ਚੌਕਾਂ ਵਿੱਚ? 
 17 ਉਹ ਇਕੱਲੇ ਤੇਰੇ ਲਈ ਹੀ ਹੋਣ, 
ਨਾ ਕਿ ਤੇਰੇ ਨਾਲ ਓਪਰਿਆਂ ਦੇ ਲਈ ਵੀ। 
 18 ਤੇਰਾ ਸੋਤਾ ਮੁਬਾਰਕ ਹੋਵੇ ਅਤੇ ਤੂੰ ਆਪਣੀ ਜੁਆਨੀ ਦੀ ਵਹੁਟੀ* 5:18 ਜੁਆਨ ਵਹੁਟੀ  ਨਾਲ ਅਨੰਦ ਰਹਿ। 
 19 ਉਹ ਪਿਆਰੀ ਹਰਨੀ ਅਤੇ ਸੋਹਣੀ ਹਰਨੋਟੀ ਹੋਵੇ, 
ਉਹ ਦੀਆਂ ਛਾਤੀਆਂ ਤੈਨੂੰ ਸਦਾ ਤ੍ਰਿਪਤ ਕਰਨ 
ਅਤੇ ਤੂੰ ਨਿੱਤ ਓਸੇ ਦੇ ਪ੍ਰੇਮ ਨਾਲ ਮੋਹਿਤ ਰਹਿ। 
 20 ਹੇ ਮੇਰੇ ਪੁੱਤਰ, ਤੂੰ ਕਿਉਂ ਪਰਾਈ ਔਰਤ ਉੱਤੇ ਮੋਹਿਤ ਹੋਵੇਂ 
ਅਤੇ ਓਪਰੀ ਨੂੰ ਕਿਉਂ ਸੀਨੇ ਨਾਲ ਲਾਵੇਂ? 
 21 ਕਿਉਂ ਜੋ ਮਨੁੱਖ ਦੇ ਰਾਹ ਯਹੋਵਾਹ ਦੀ ਨਿਗਾਹ ਦੇ ਸਾਹਮਣੇ ਹਨ 
ਅਤੇ ਉਹ ਉਸ ਦੇ ਸਾਰੇ ਮਾਰਗਾਂ ਨੂੰ ਜਾਚਦਾ ਹੈ। 
 22 ਦੁਸ਼ਟ ਜਨ ਦੀਆਂ ਆਪਣੀਆਂ ਹੀ ਬਦੀਆਂ ਉਹ ਨੂੰ ਫਸਾ ਲੈਣਗੀਆਂ 
ਅਤੇ ਉਹ ਆਪਣੇ ਹੀ ਪਾਪ ਦੇ ਬੰਧਨਾਂ ਵਿੱਚ ਬੰਨ੍ਹਿਆ ਜਾਵੇਗਾ। 
 23 ਉਹ ਸਿੱਖਿਆ ਪਾਏ ਬਿਨ੍ਹਾਂ ਮਰੇਗਾ 
ਅਤੇ ਆਪਣੀ ਡਾਢੀ ਮੂਰਖਤਾਈ ਕਾਰਨ ਭਟਕਦਾ ਫਿਰੇਗਾ।